ITBP jawan shot dead : ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਜ਼ਿਲ੍ਹੇ ਦੇ ਇੱਕ ਪਿੰਡ ਨੰਗੜਾ ਵਿੱਚ ਜ਼ਮੀਨੀ ਵਿਵਾਦ ਵਿੱਚ ਇੱਕ ਆਈਟੀਬੀਪੀ ਜਵਾਨ ਦਾ ਕਤਲ ਕਰ ਦਿੱਤਾ ਗਿਆ। ਜਵਾਨ ਹਾਲ ਹੀ ਵਿੱਚ ਤਿੰਨ ਦਿਨ ਪਹਿਲਾਂ ਛੁੱਟੀ ’ਤੇ ਆਇਆ ਸੀ। ਦੱਸਿਆ ਜਾਂਦਾ ਹੈ ਕਿ ਇਹ ਝਗੜਾ ਡੇਢ ਵਿੱਘੇ ਜ਼ਮੀਨ ਦਾ ਸੀ, ਜਿਸ ਨੂੰ ਮ੍ਰਿਤਕ ਦੇ ਪਰਿਵਾਰ ਨੇ ਖਰੀਦਿਆ ਸੀ। ਇਹ ਜ਼ਮੀਨ ਪਹਿਲਾਂ ਹਮਲਾ ਕਰਨ ਵਾਲੇ ਦੇ ਪਰਿਵਾਰ ਨੂੰ ਗਿਰਵੀ ਰੱਖੀ ਗਈ ਸੀ ਜਿਸ ਨੇ ਇਸ ਜਵਾਨ ‘ਤੇ ਹਮਲਾ ਕੀਤਾ ਸੀ, ਪਰ ਗਿਰਵੀ ਰੱਖਣ ਵਾਲੇ ਜ਼ਮੀਨ ਦੇ ਮਾਲਕਾਂ ਨੇ ਇਸ ਨੂੰ ਮ੍ਰਿਤਕ ਜਵਾਨ ਦੇ ਪਰਿਵਾਰ ਨੂੰ ਵੇਚ ਦਿੱਤਾ।

ਇਸ ਤੋਂ ਬਾਅਦ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਵਿਵਾਦ ਹੋਰ ਗਰਮਾ ਗਿਆ। ਇਹ ਕੇਸ ਅਦਾਲਤ ਵਿੱਚ ਵੀ ਪਹੁੰਚਿਆ, ਜਿਥੇ ਨਤੀਜਾ ਮ੍ਰਿਤਕ ਜਵਾਨ ਦੇ ਪਰਿਵਾਰ ਦੇ ਹੱਕ ਵਿੱਚ ਆਇਆ। ਅਦਾਲਤ ਵਿੱਚ ਕੇਸ ਜਿੱਤਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਦੁਆਰਾ ਇਸ ਜ਼ਮੀਨ ਉੱਤੇ ਪਹਿਲੀ ਫਸਲ ਉਗਾਈ ਗਈ ਸੀ। ਜਵਾਨ ਜੋ ਛੁੱਟੀ ‘ਤੇ ਆਇਆ ਸੀ, ਉਸੀ ਫਸਲ ਦੀ ਵਾਢੀ ਲਈ ਖੇਤ ਗਿਆ ਹੋਇਆ ਸੀ, ਜਿੱਥੇ ਵਾਢੀ ਸਮੇਂ ਕਾਤਲ ਕੁਝ ਸਾਥੀਆਂ ਨਾਲ ਇਕ ਜੀਪ ਵਿਚ ਆਇਆ ਅਤੇ ਗੁੱਸੇ ਨਾਲ ਉਸ ਨੌਜਵਾਨ ਦੀ ਛਾਤੀ ‘ਤੇ ਡਬਲ ਬੈਰਲ ਬੰਦੂਕ ਨਾਲ ਗੋਲੀ ਮਾਰ ਦਿੱਤੀ। ਆਈਟੀਬੀਪੀ ਜਵਾਨ ਦੀ ਗੋਲੀ ਸਿੱਧੇ ਦਿਲ ‘ਤੇ ਲੱਗਣ ਕਾਰਨ ਉਸ ਦੀ ਮੌਕੇ’ ਤੇ ਹੀ ਮੌਤ ਹੋ ਗਈ।

ਕਾਤਲ ਕਤਲ ਕਰਨ ਤੋਂ ਬਾਅਦ ਉਥੋਂ ਚਲਾ ਗਿਆ। ਆਸਪਾਸ ਦੇ ਖੇਤਾਂ ਵਿਚ ਕੰਮ ਕਰ ਰਹੇ ਕੁਝ ਲੋਕਾਂ ਨੇ ਵੀ ਇਸ ਘਟਨਾ ਨੂੰ ਦੇਖਿਆ ਅਤੇ ਪੁਲਿਸ ਨੂੰ ਅੱਖੀਂ ਡਿੱਠੀ ਗਵਾਹੀ ਦਿੱਤੀ। ਜੁਰਮ ਕਰਨ ਤੋਂ ਬਾਅਦ ਕਾਤਲ ਪਹਿਲਾਂ ਮੌਕੇ ਤੋਂ ਫਰਾਰ ਹੋ ਗਿਆ, ਪਰ ਬਾਅਦ ਵਿਚ ਉਸਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਘਟਨਾ ਵਿੱਚ ਵਰਤੀ ਗਈ ਦੋਨਾਲੀ ਬੰਦੂਕ ਵੀ ਬਰਾਮਦ ਕੀਤੀ ਹੈ। ਕਾਤਲ ਤੋਂ ਇਲਾਵਾ ਤਿੰਨ ਹੋਰ ਲੋਕਾਂ ਨੂੰ ਵੀ ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।