BJP MLA Arun Narang attack Case : ਮਲੋਟ ਵਿੱਚ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ‘ਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਜਿਹੜੇ ਕਿਸਾਨ ਗ੍ਰਿਫਤਾਰ ਕੀਤੇ ਸਨ, ਅੱਜ ਉਨ੍ਹਾਂ ਵਿੱਚੋਂ ਤਿੰਨ ਕਿਸਾਨਾਂ ਨੂੰ ਰਿਹਾਅ ਕਰਵਾ ਕੇ 20 ਦੇ ਲਗਭਗ ਕਿਸਾਨਾਂ ਨੇ ਪੁਲਿਸ ਨੂੰ ਗ੍ਰਿਫਤਾਰੀਆਂ ਦਿੱਤੀਆਂ। ਦੱਸਣਯੋਗ ਹੈ ਕਿ ਮੁਕਤਸਰ ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ 5 ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲਿਸ ਨੇ ਉਸ ਸਮੇਂ ਦੀ ਸਾਹਮਣੇ ਆਈ ਫੁਟੇਜ ਦੀ ਮਦਦ ਨਾਲ ਇਸ ਕੇਸ ‘ਚ ਕੁਝ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਿਨ੍ਹਾਂ ‘ਚੋਂ ਚਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦਕਿ 23 ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ।

ਦੱਸਣਯੋਗ ਹੈ ਕਿ ਭਾਜਪਾ ਐਮਐਲਏ ਅਰੁਣ ਨਾਰੰਗ ‘ਤੇ ਹੋਏ ਹਮਲੇ ਨੂੰ ਲੈਕੇ ਭਾਜਪਾ ਵਰਕਰਾਂ ‘ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਪੁਲਿਸ ਨੇ ਇਸ ਤੋਂ ਪਹਿਲਾਂ 7 ਕਿਸਾਨ ਆਗੂਆਂ ਅਤੇ 300 ਅਣਪਛਾਤਿਆਂ ਖ਼ਿਲਾਫ ਕੇਸ ਦਰਜ ਕੀਤਾ ਸੀ। ਪੁਲਿਸ ਅਨੁਸਾਰ ਅਰੁਣ ਨਾਰੰਗ ‘ਤੇ ਹੋਏ ਹਮਲੇ ਦੌਰਾਨ ਉਨ੍ਹਾਂ ਦੇ ਬਚਾਅ ਲਈ ਐਸਪੀ ਹੈੱਡਕੁਅਰਟਰ ਗੁਰਮੇਲ ਸਿੰਘ ‘ਤੇ ਹੋਰ ਪੁਲਿਸ ਪਾਰਟੀ ਨੇ ਕੋਸ਼ਿਸ਼ ਕੀਤੀ। ਇਸ ਦੌਰਾਨ ਐਸਪੀ ਗੁਰਮੇਲ ਸਿੰਘ ਵੀ ਜ਼ਖਮੀ ਹੋ ਗਏ।
ਇਸ ਸੰਬੰਧੀ ਦਰਜ ਐਫਆਈਆਰ ਵਿੱਚ ਸੱਤ ਕਿਸਾਨ ਆਗੂਆਂ ਤੋਂ ਇਲਾਵਾ 250-300 ਅਣਪਛਾਤੇ ਲੋਕਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ 7 ਕਿਸਾਨ ਆਗੂਆਂ ਵਿੱਚ ਲਖਨਪਾਲ ਉਰਫ ਲੱਖਾ ਆਲਮਵਾਲਾ,ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾਗੁਜ਼ਰ,ਜਰਨਲ ਸੱਕਤਰ ਨਿਰਮਲ ਸਿੰਘ ਜੱਸੇਆਣਾ,ਨਾਨਕ ਸਿੰਘ ਫਕਰਸਰ,ਕੁਲਵਿੰਦਰ ਸਿੰਘ ਦਾਨੇਵਾਲਾ,ਰਾਜਵਿੰਦਰ ਸਿੰਘ ਜੰਡਵਾਲਾ,ਅਵਤਾਰ ਸਿੰਘ ਫਕਰਸਰ ਦੇ ਨਾਂ ਸ਼ਾਮਲ ਹਨ।